ਕਦੀ ਕਦੀ
ਹਿਸਾਬ ਕਿਤਾਬ ਵਿੱਚ
ਸਮੀਕਰਣ ਅਸੰਤੁਲਿਤ ਹੋ ਜਾਂਦੇ ਨੇ ।

ਸੁਆਲ ਸੁਲਝਾਉਂਦਿਆਂ
ਕਿੰਨਾ ਧਿਆਨ ਰੱਖਦੀ ਹਾਂ,
ਬਰਾਬਰ ਦੇ ਨਿਸ਼ਾਨ ਤੋਂ
ਐਸ ਪਾਸੇ ਦਾ ਤੋਲ
ਬਰਾਬਰ ਦੇ ਨਿਸ਼ਾਨ ਤੋਂ
ਔਸ ਪਾਸੇ ਦੇ ਤੋਲ
ਦੇ ਬਰਾਬਰ ਰਹੇ ।

ਜਮ੍ਹਾ, ਘਟਾਓ ਕਰਦੀ ਖਚਤ ਹੋ ਜਾਨੀ ਆਂ,
ਸਾਲਾਂ ਦੇ ਅਭਿਆਸ ਮਗਰੋਂ ਵੀ
ਜਦ ਸਮੀਕਰਣ ਬਰ ਨਹੀਂ ਆਉਂਦੇ
ਗੁੱਸਾ ਆਉਂਦੈ ਹਿਸਾਬ ਦੇ ਟੀਚਰ ਤੇ-
ਮੈਨੂੰ ਕਿਉਂ ਨਹੀਂ ਸਿਖਾਏ
ਇਹ ਸਮੀਕਰਣ ਸਮਾਨ ਕਰਨੇ ?
ਬਰਾਬਰ ਦੇ ਨਿਸ਼ਾਨ ਦੇ  ਉਰਲੇ ਪਾਸੇ ਨੂੰ
ਬਰਾਬਰ ਦੇ ਨਿਸ਼ਾਨ ਦੇ ਪਰਲੇ ਪਾਸੇ ਦੇ ਬਰਾਬਰ ਕਰਨਾ ?
ਵੰਡ, ਗੁਣਾ, ਘਟਾਓ, ਜੋੜ – ਮੇਰੇ ਵੱਸ ਦੇ ਨਹੀਂ ਸ਼ਾਇਦ
ਮੇਰੇ ਸਮੀਕਰਣ ਖਬਰੇ
ਡੋਲੇ ਹੀ ਰਹਿਣੇ ਨੇ ?

ਇਸ਼ਤਿਹਾਰ