You are currently browsing the monthly archive for June 2008.
ਇੱਕ ਚੌਖਾਨਾ ਆਸਮਾਨ
ਇੱਕ ਚੌਖਾਨਾ ‘ਨੇਰਾ,
ਦੋਹੇਂ ਜੋੜ ਕੇ ਤੋਪੇ ਭਰ ਲਏ
ਸਿਰ ਕੱਜਣ ਨੂੰ ਮੇਰਾ ।
ਇੱਕ ਚੌਖਾਨਾ ਮਿੱਟੀ ਰੇਤਲੀ
ਹੇਠ ਵਿਛਾ ਲਈ ਪੈਰਾਂ,
ਚੂਸ ਲਵੇ ਜੋ ਪਾਣੀ ਅੱਖੀਓਂ
ਹੰਝੂ ਦਿਸਣ ਨਾ ਗ਼ੈਰਾਂ ।
ਇੱਕ ਚੌਖਾਨਾ ਚਿੱਟਾ ਬੱਦਲ਼
ਬਣ ਜਾਏ ਤਨ ਦਾ ਕੱਜਣ,
ਚਿੱਟੇ ਖੰਭੀਂ ਉੱਡਦੀ
ਪ੍ਰਤੀਤ ਹੋਵਾਂ ਮੈਂ ਸੱਜਣ ।
ਕੱਲ੍ਹ ਨਵੇਂ ਸੂਰਜ ਤੇ
ਤੂੰ ਦੇਣੀ ਨਵੀਂ ਉਮੀਦ
ਫਿਰ ਹੋਣਾ ਨਵਾਂ ਆਗ਼ਾਜ਼,
ਪਰ
ਕੱਟ ਕੇ ਖੰਭ,
ਸੁੱਟ ਕੇ ਸਿਰ
ਦੱਸ ਕਿੰਜ ਕਰਾਂ ਪਰਵਾਜ਼ ?
ਮੈਂ ਤਾਂ ਤੇਰੀ ਹੋ ਨਿੱਬੜੀ –
ਠੰਢੀ ‘ਵਾ ਵਰਗੀ ਕਦੀ,
ਤੱਤੀ ਰੇਤ ਵਰਗੀ ਕਦੀ
ਵਰ੍ਹਦੇ ਮੀਂਹ ਵਾਂਗ ਕਦੀ ਭਿਓਵਾਂ ਤੈਨੂੰ,
ਕਦੀ ਔੜਾਂ ਮਾਰੀ ਫ਼ਸਲ ਬਣ ਉਜਾੜਾਂ,
ਇਹ ‘ਵਾ, ਇਹ ਰੇਤ, ਇਹ ਮੀਂਹ, ਇਹ ਔੜ –
ਤੇਰਾ ਨਸੀਬ
ਮੇਰਾ ਵਜੂਦ ।
ਸ਼ਿਕਵਾ ਤੇਰਾ ਰੱਬ ਤਾਈਂ
ਮੇਰੇ ਨਾਲ਼ ਕੀ ਗਿਲਾ
ਮੈਂ ਤਾਂ ਤੇਰੀ ਹੋ ਨਿੱਬੜੀ ।
ਮੇਰੇ ਅੱਥਰੂ ਚੂਸ
ਮੇਰਾ ਮੱਥਾ ਚੁੰਮ
ਆ ਮੈਨੂੰ ਸੀਨੇ ਲਾ …
(16.03.07 ਨੂੰ ਲਿਖੀ)
ਇਹ ਝੂਠ ਹੈ
ਕਿ
ਅਗਨ ਪਰੀਖਿਆ ਮਗਰੋਂ
ਸੀਤਾ
ਜ਼ਿੰਦਾ ਬਚ ਗਈ ਸੀ ।
ਸੱਚ ਤਾਂ ਇਹ ਹੈ
ਕਿ
ਹਰ ਯੁਗ
ਹਰ ਜਨਮ
ਹਰ ਵਾਰ
ਅੱਗ ਦੀਆਂ ਲਾਟਾਂ ਵਿੱਚ
ਸੀਤਾ ਦੀ ਰੂਹ
ਸੜ ਜਾਂਦੀ ਰਹੀ ਏ;
ਸੀਤਾ ਦਾ ਦਿਲ
ਫਟ ਜਾਂਦਾ ਰਿਹੈ;
ਸੀਤਾ ਦਾ ਮਨ
ਮਰ ਜਾਂਦਾ ਰਿਹੈ;
ਸੀਤਾ ਦਾ ਮਾਣ
ਟੁੱਟ ਜਾਂਦਾ ਰਿਹੈ ।
ਹਰ ਯੁਗ
ਹਰ ਜਨਮ
ਹਰ ਵਾਰ
ਸਿਰਫ਼
ਸੀਤਾ ਦਾ ਜਿਸਮ
ਅੱਗ ਵਿੱਚੋਂ ਸਲਾਮਤ ਨਿੱਕਲ਼ਦਾ
ਵਿਖਾਈ ਪੈਂਦਾ ਰਿਹੈ –
ਸੀਤਾ ਦੀ
ਮਿੱਧੀ, ਸੜੀ, ਮੁਰਦਾ ਰੂਹ ਦਾ ਮਾਲਕ,
ਹਰ ਯੁਗ
ਹਰ ਜਨਮ
ਹਰ ਵਾਰ
ਮਰਿਆਦਾ ਪੁਰਸ਼ੋਤਮ ਅਖਵਾਉਂਦਾ ਰਿਹੈ ।
ਸਮਾਂਤਰ ਰੇਖਾਵਾਂ ਵਰਗੀ
ਵਗ਼ਦੀ ਜਾਂਦੀ ਨਦੀ
ਤੇਰੀ ਮੇਰੀ ਜ਼ਿੰਦਗ਼ੀ -
ਵਿੱਚ ਤੇਰਿਆਂ ਹੱਥਾਂ
ਨਾਲ਼ ਥੰਮ੍ਹੀ ਹੋਈ,
ਡੱਕੇਡੋਲੇ ਖਾਂਦੀ,
ਇਹ ਬੇੜੀ
ਖ਼ਬਰੇ ਕੀਹਦੀ ???
(7 ਜੂਨ 2008, ਨੂੰ ਲਿਖੀ )
ਅੱਥਰੂਆਂ ਸੰਗ
ਭਿੱਜੀਆਂ ਅੱਖੀਆਂ
ਭਿੱਜ ਕੇ ਸੁੱਜੀਆਂ
ਮੱਚੀਆਂ ਅੱਖੀਆਂ
ਰਾਤੀਂ ਰੋ ਕੇ
ਸੁੱਤੀਆਂ ਅੱਖੀਆਂ
ਤੇਰੇ ਦੁੱਖੋਂ
ਥੱਕੀਆਂ ਅੱਖੀਆਂ
ਲੋਕਾਂ ਕੋਲੋਂ
ਡਰਦੀਆਂ ਅੱਖੀਆਂ
ਤਾਂ
ਕੱਜਲ ਵਿੱਚ
ਪਰੁੱਚੀਆਂ ਅੱਖੀਆਂ
ਮੁੜ ਮੁੜ ਤੱਕ ਤੱਕ
ਵਿਛਦੀਆਂ ਅੱਖੀਆਂ
ਤੇਰਾ ਨਾਂ ਲੈ
ਹੜ੍ਹਦੀਆਂ ਅੱਖੀਆਂ
ਤੈਨੂੰ ਫਿਰ ਵੀ
ਲਭਦੀਆਂ ਅੱਖੀਆਂ
“ ਮੈਂ ਜਾ ਰਿਹਾਂ “
ਤੂੰ ਕਿਹਾ
ਮੈਂ ਮੁੜੀ
ਤੂੰ ਦਹਿਲੀਜ਼ ਟੱਪੀ
ਮੈਂ ਮਗਰ ਗਈ
ਪਹੀਆਂ ਦੀ ਤੇਜ਼ ਰਫਤਾਰ
ਤੇ ਤੂੰ ਤੁਰ ਗਿਓਂ
ਕੋਈ ਤੰਦ ਟੁੱਟੀ
ਕੋਈ ਕੰਧ ਢੱਠੀ
ਅੱਖੀਆਂ ਵਿਚ ਕੁਝ ਚੁਭਿਆ
ਮੇਰੇ ਸਬਰ ਦਾ ਬੰਨ ਟੁੱਟਿਆ
ਪਿਛਾਂਹ ਤੱਕਿਆਂ ਬਿਨਾ
ਤੂੰ ਸਾਹਮਣਾ ਮੋੜ ਮੁੜਿਆ
ਮੈਂ ਚੁੰਨੀ ਵਿਚ ਦੋ ਹੰਝੂ ਸਾਂਭ
ਬਾਕੀਆਂ ਨੂੰ ਪਿਛਾਂਹ ਹੋੜ ਛੱਡਿਆ…
